Рет қаралды 182
ਵਿਰਾਟਨਗਰ ਦੀ ਯਾਤਰਾ ਦੇ ਦੂਜੇ ਦਿਨ ਸਭ ਤੋਂ ਪਹਿਲਾਂ ਅਸੀਂ ਮੁਗਲ ਗੇਟ ਜਾ ਪਹੁੰਚਦੇ ਹਾਂ । ਵਿਰਾਟਨਗਰ ਦੀ ਖੂਬਸੂਰਤੀ ਇਹ ਹੈ ਕਿ ਇੱਥੇ ਹਿੰਦੂ , ਮੁਸਲਿਮ, ਜੈਨੀ ਅਤੇ ਬੋਧੀ ਸਭ ਧਰਮਾਂ ਦੇ ਪੁਰਾਤਨ ਇਤਿਹਾਸ ਸਮਾਰਕ ਮਿਲਦੇ ਹਨ। ਇਹ ਮੁਗਲ ਦਰਵਾਜਾ 16ਵੀਂ ਸਦੀ ਦਾ ਸ਼ਾਨਦਾਰ ਸਮਾਰਕ ਹੈ ਜਿਸ ਨੂੰ ਅਮੇਰ ਦੇ ਕੁਛਵਾਹਾ ਰਾਜਪੂਤ ਸ਼ਾਸਕ ਰਾਜਾ ਮਾਨ ਸਿੰਘ ਨੇ ਆਪਣੇ ਮਿੱਤਰ ਮੁਗਲ ਬਾਦਸ਼ਾਹ ਅਕਬਰ ਲਈ ਬਣਵਾਇਆ ਸੀ। ਦੂਸਰੇ ਮੁਗਲ ਸ਼ਾਸਕਾਂ ਨਾਲੋਂ ਅਕਬਰ ਵਿੱਚ ਇੱਕ ਗੱਲ ਵੱਖਰੀ ਸੀ ਕਿ ਉਹ ਹਰ ਧਰਮ ਦਾ ਸਨਮਾਨ ਕਰਦਾ ਸੀ।। ਅਕਬਰ ਦਿੱਲੀ ਜਾ ਆਗਰੇ ਤੋਂ ਜਦੋਂ ਵੀ ਅਜਮੇਰ ਵਿੱਚ ਬਣੀ ਖਵਾਜਾ ਮੋਇਊਦੀਨ ਚਿਸ਼ਤੀ ਦੀ ਦਰਗਾਹ ਵੱਲ ਯਾਤਰਾ ਕਰਦਾ ਤਾਂ ਉਹ ਇੱਥੇ ਠਹਿਰਿਆ ਕਰਦਾ ਸੀ । ਬਹੁਤੀ ਵਾਰ ਇਸ ਇਲਾਕੇ ਦੇ ਸੰਘਣੇ ਜੰਗਲ ਵਿੱਚ ਸ਼ਿਕਾਰ ਤੇ ਨਿਕਲਣ ਵੇਲੇ ਵੀ ਅਕਬਰ ਇੱਥੇ ਠਹਿਰਿਆ ਕਰਦਾ । ਮੁਗਲ ਦਰਵਾਜ਼ਾ ਇਨਾਂ ਸ਼ਾਨਦਾਰ ਬਣਿਆ ਹੈ ਕਿ ਅੱਜ ਵੀ ਇਸ ਨੂੰ ਦੇਖਣ ਤੇ ਤੁਸੀਂ ਇਸ ਨੂੰ ਬਣਾਉਣ ਵਾਲੇ ਕਾਰੀਗਰਾਂ ਤੇ ਮਜ਼ਦੂਰਾਂ ਦੀ ਮਿਹਨਤ ਤੇ ਅਸ਼-ਅਸ਼ ਕਰ ਉਠੋਗੇ ।
ਮੁਗਲ ਦਰਵਾਜ਼ੇ ਦੇ ਅੰਦਰ ਵੜਦਿਆਂ ਹੀ ਬਹੁਤ ਪੁਰਾਤਨ ਬੋਹੜ ਦੇ ਰੁੱਖ ਤੁਹਾਡੇ ਨਜ਼ਰੀ ਪੈਂਦੇ ਹਨ ਜੋ ਉਹਨਾਂ ਪੁਰਾਤਨ ਵੇਲਿਆਂ ਦੇ ਹੀ ਗਵਾਹੀ ਭਰਦੇ ਹਨ ਜਦੋਂ ਕਦੇ ਇੱਥੇ ਚਹਿਲ ਪਹਿਲ ਹੁੰਦੀ ਹੋਇਆ ਕਰੇਗੀ। ਪਰ ਅੱਜ ਜਿਸ ਨੂੰ ਦੇਖਣ ਵਾਲੇ ਅਸੀਂ ਸਿਰਫ਼ ਤਿੰਨ ਮਿੱਤਰ ਹੀ ਆਂ। ਸਵੇਰ ਦਾ ਸਮਾਂ ਸੀ ਇਸ ਲਈ ਭੁੱਖ ਲੱਗੀ ਹੋਣ ਕਾਰਨ ਅਸੀਂ ਇਹਨਾਂ ਬੋਹੜ ਦੇ ਰੁੱਖਾਂ ਥੱਲੇ ਆਪਣਾ ਬੁਟੇਨ ਗੈਸ ਦਾ ਚੁੱਲਾ ਜਲਾ ਕੇ ਮੈਗੀ ਬਣਾਉਣ ਲੱਗਦੇ ਹਾਂ। ਸਮੱਸਿਆ ਇਹ ਕਿ ਸਾਡੇ ਕੋਲ ਅੱਗ ਮਚਾਉਣ ਲਈ ਮਾਚਿਸ ਨਹੀਂ ਇਸ ਲਈ ਮੈਂ ਇਥੋਂ ਥੋੜ੍ਹੀ ਦੂਰ ਪਿੰਡ ਦੁਕਾਨਾਂ ਤੋਂ ਮਾਚਿਸ ਲੈਣ ਚਲਿਆ ਜਾਂਦਾ ਹਾਂ ਅਤੇ ਮੇਰੇ ਮਿੱਤਰ ਅਨੰਦ ਸਿੰਘ ਬਾਲ਼ਿਆਂਵਾਲ਼ੀ ਅਤੇ ਸੁਖਜਿੰਦਰ ਖੋਖਰ ਮੈਗੀ ਬਣਾਉਣ ਲੱਗਦੇ ਹਨ। ਅਸੀਂ ਇੱਕ ਗੱਲ ਨੂੰ ਅੱਖੋਂ ਪਰੋਖੇ ਕਰ ਦਿੱਤਾ ਜੋ ਸਾਨੂੰ ਮਹਿੰਗੀ ਪਈ ਉਹ ਇਹ ਸੀ ਕਿ ਇਸ ਇਮਾਰਤ ਦੇ ਅੰਦਰ ਵੜਦਿਆਂ ਹੀ ਲਿਖਿਆ ਗਿਆ ਸੀ ਕਿ ਅੰਦਰ ਕੋਈ ਖਾਣ ਪੀਣ ਵਾਲੀ ਚੀਜ਼ ਨਾ ਲੈ ਕੇ ਜਾਓ । ਜਲਦੀ ਸਾਨੂੰ ਇਸ ਗੱਲ ਦੀ ਸਮਝ ਆ ਗਈ ਕਿਉਂਕਿ ਇਨਾਂ ਬੋਹੜ ਦੇ ਰੁੱਖਾਂ ਤੇ ਦਰਜਣਾਂ ਦੀ ਗਿਣਤੀ ਵਿੱਚ ਲੰਗੂਰ ਹਨ। ਖਾਣੇ ਦੀ ਮਹਿਕ ਤੋਂ ਆਕਰਸ਼ਿਤ ਹੋ ਕੇ ਉਹ ਸਾਡੇ ਚੁਫ਼ੇਰੇ ਆ ਕੇ ਸਾਨੂੰ ਘੇਰ ਲੈਂਦੇ ਹਨ। ਅਸੀਂ ਫਟਾਫਟ ਆਪਣਾ ਸਮਾਨ ਇਕੱਠਾ ਕਰਕੇ ਬਾਹਰ ਗੱਡੀ ਕੋਲ ਆ ਕੇ ਖਾਣਾ ਬਣਾਉਣ ਲੱਗਦੇ ਹਾਂ। ਲੰਗੂਰ ਇੱਕ ਵਾਰ ਫੇਰ ਉੱਥੇ ਆ ਜਾਂਦੇ ਹਨ ਅਤੇ ਅਸੀਂ ਆਪਣਾ ਸਾਰਾ ਸਮਾਨ ਸਮੇਟ ਕੇ ਗੱਡੀ ਵਿੱਚ ਬੈਠ ਜਾਦੇ ਹਾਂ । ਕੁਝ ਲੰਗੂਰ ਗੱਡੀ ਉੱਪਰ ਚੜ੍ਹ ਕੇ ਸਾਨੂੰ ਘੇਰ ਲੈਂਦੇ ਹਨ। ਪਰ ਥੋੜ੍ਹੀ ਦੇਰ ਬਾਅਦ ਜਦੋਂ ਉਹ ਚਲੇ ਜਾਂਦੇ ਹਨ ਤਾਂ ਅਸੀਂ ਸਮਾਰਕ ਦੇਖਣ ਬਾਹਰ ਨਿਕਲਦੇ ਹਾਂ ।
ਮੁਗਲ ਦਰਵਾਜ਼ਾ ਇੱਕ ਉੱਚੇ ਥੜ੍ਹੇ ਤੇ ਬਣਾਇਆ ਗਿਆ ਹੈ । ਜਿਸ ਦੇ ਹੇਠਾਂ ਬਹੁਤ ਸਾਰੇ ਕਮਰੇ ਰਹੇ ਹਨ ਜੋ ਅਸਲ ਵਿੱਚ ਘੋੜਸਾਲ ( ਘੋੜਿਆਂ ਦਾ ਤਬੇਲਾ ) ਹੈ । ਜਦੋਂ ਅਕਬਰ ਆਪਣੇ ਲਾਮ ਲਸ਼ਕਰ ਸਮੇਤ ਇੱਥੇ ਠਹਿਰਦਾ ਹੋਵੇਗਾ ਤਾਂ ਉਸਦੇ ਘੋੜੇ ਇਸ ਸਮਾਰਕ ਦੇ ਹੇਠਾਂ ਬਣੇ ਇਨਾਂ ਕਮਰਿਆਂ ਵਿੱਚ ਬੰਨੇ ਜਾਂਦੇ ਸਨ । ਆਮ ਮੁਗਲ ਇਮਾਰਤਾਂ ਵਾਂਗ ਇਹ ਦਰਵਾਜ਼ਾ ਵੀ ਬਹੁਤ ਸ਼ਾਨਦਾਰ ਹੈ । ਤਿੰਨ ਮੰਜ਼ਿਲਾਂ ਇਸ ਦਰਵਾਜ਼ੇ ਦੇ ਸ਼ਿਖਰ ਪੰਜ ਛਤਰੀਆਂ ਹਨ ਜੋ ਚਾਰ ਖੂੰਜਿਆਂ ਤੇ ਵਿਚਕਾਰ ਗੁੰਬਦਨੁਮਾ ਬਣੀ ਹੈ । ਉੱਪਰ ਜਾਣ ਲਈ ਇਮਾਰਤ ਦੇ ਹਰ ਪਾਸਿਓਂ ਭੀੜੀਆਂ ਪਰ ਵੱਡੇ ਸਟੈਪ ਦੀਆਂ ਪੌੜੀਆਂ ਹਨ । ਇਸ ਦੀ ਸ਼ਾਨਦਾਰ ਗੱਲ ਇਹ ਹੈ ਕਿ ਹਰ ਕਮਰੇ ਵਿੱਚ ਸ਼ਾਨਦਾਰ ਚਿੱਤਰਕਾਰੀ ਬਣੀ ਮਿਲਦੀ ਹੈ ਜੋ ਅੱਜ ਵੀ ਆਪਣੇ ਵਧੀਆ ਰੂਪ ਵਿੱਚ ਹੈ । ਮੁਗਲ ਇਰਾਨੀ ਅਤੇ ਰਾਜਪੂਤ ਭਾਰਤੀ ਸ਼ੈਲੀ ਦਾ ਸੁਮੇਲ ਇਹ ਚਿੱਤਰਕਾਰੀ ਕਿਸੇ ਅਜੂਬੇ ਤੋਂ ਘੱਟ ਨਹੀਂ। ਕਿਉਂਕਿ ਇਹ ਇਮਾਰਤ ਇੱਕ ਹਿੰਦੂ ਰਾਜਪੂਤ ਰਾਜੇ ਵੱਲੋਂ ਆਪਣੇ ਮਿੱਤਰ ਅਕਬਰ ਲਈ ਬਣਵਾਈ ਗਈ ਸੀ ਇਸ ਲਈ ਇਸ ਵਿੱਚ ਬਣੀ ਚਿੱਤਰਕਾਰੀ ਵਿੱਚ ਹਿੰਦੂ ਜੋਗੀਆਂ ਤਪੱਸਵੀਆਂ, ਨਰਸਿੰਹ ਭਗਵਾਨ ਦਾ ਰਾਜਾ ਹਰਨਾਕਸ਼ ਨੂੰ ਮਾਰਨ ਤੋਂ ਲੈ ਕੇ ਘੁਲਦੇ ਹੋਏ ਪਹਿਲਵਾਨ, ਪਰੀਆਂ ਊਠਾਂ ਘੋੜਿਆਂ ਅਤੇ ਮੁਗਲ ਦੌਰ ਦੇ ਹੋਰ ਕਈ ਬੰਨ ਸਵੰਨੇ ਰੰਗਾਂ ਦੀਆਂ ਤਸਵੀਰਾਂ ਇਥੇ ਮੌਜੂਦ ਹਨ । ਅਸੀਂ ਉੱਪਰ ਚੜਦੇ ਇਥੋਂ ਦੇ ਹਰ ਰੰਗ ਦੀਆਂ ਤਸਵੀਰਾਂ ਖਿੱਚਦੇ ਹਾਂ। ਮੁਗਲ ਦਰਵਾਜੇ ਦੇ ਨਾਲ ਹੀ ਇੱਕ ਸਰੋਵਰ ਬਣਿਆ ਹੋਇਆ ਹੈ। ਅਕਬਰ ਦੀ ਠਹਿਰ ਵੇਲੇ ਉਸ ਨੂੰ ਇੱਥੇ ਹਰ ਤਰ੍ਹਾਂ ਦੀ ਸੁਵਿਧਾ ਦੇਣ ਦੇ ਮਕਸਦ ਨਾਲ਼ ਇਹ ਬਣਾਇਆ ਗਿਆ ਸੀ । ਅਸੀਂ ਸ਼ਿਖਰ ਤੇ ਚੜ੍ ਕੇ ਵਿਰਾਟ ਨਗਰ ਦੇ ਆਲੇ ਦੁਆਲੇ ਜੰਗਲ ਦਾ ਦ੍ਰਿਸ਼ ਦੇਖਦੇ ਹਾਂ। ਇਸ ਦੇ ਸਾਹਮਣੇ ਸੱਜੇ ਹੱਥ ਪ੍ਰਾਚੀਨ ਜੈਨ ਮੰਦਰ ਅਤੇ ਖੱਬੇ ਹੱਥ ਹਿੰਦੂ ਦੇਵੀ ਦਾ ਮੰਦਰ ਹੈ ਜੋ ਕਿਲੇ ਵਾਂਗ ਲੱਗਦਾ ਹੈ । ਮੁਗਲ ਦੌਰ ਦੀ ਇਹ ਸ਼ਾਨਦਾਰ ਇਮਾਰਤ ਦੇਖਣ ਤੋਂ ਬਾਅਦ ਅਸੀਂ ਭੀਮ ਡੂੰਗਰੀ ਜਾਣਾ ਹੈ ਜੋ ਇੱਥੋਂ ਦੀ ਸਭ ਤੋਂ ਪ੍ਰਾਚੀਨ ਥਾਂ ਹੈ । ਜੈਨ ਮੰਦਰਾਂ ਨੂੰ ਵੇਖ ਕੇ ਅਸੀਂ ਇਥੋਂ ਅਗਲੇ ਸਫ਼ਰ ਵੱਲ ਨਿਕਲ ਪੈਂਦੇ ਹਾਂ ਜਿਸ ਨੂੰ ਤੁਸੀਂ ਸਾਡੀਆਂ ਅਗਲੀਆਂ ਪੋਸਟਾਂ ਵਿੱਚ ਦੇਖੋਗੇ ।
(ਚਲਦਾ)
ਗੁਰਪ੍ਰੀਤ ਪਸ਼ੌਰੀਆ
#Viratnagar #mughalgate #travel #travelphotography #travelblogger #PostViral #post #exploreindia #rajasthan #explorepage #exploremore #vlog #video #videofeed #ytvideo #yt #viralvideo #yrendingvideo #videoftheday #mughalgateviratnagar #viratnagar #explore #travel #traveldiaries
Facebook page:-
www.facebook.c...
Instagram id:-
www.instagram....
Twitter x handle:-
x.com/Gurpree9...
Email:- ssagurpreet@gmail.com