Рет қаралды 938
ਪੀਏਯੂ ਵਿਖੇ ਅੱਜ ਡਾਇਰੈਕਟੋਰੇਟ ਵਿਦਿਆਰਥੀ ਭਲਾਈ ਵੱਲੋਂ ਪੰਜਾਬ ਰਾਜ ਯੁਵਕ ਸੇਵਾਵਾਂ ਵਿਭਾਗ ਦੇ ਸਹਿਯੋਗ ਨਾਲ ਪੰਜਾਬ ਰਾਜ ਅੰਤਰ ਯੂਨੀਵਰਸਿਟੀ ਯੁਵਕ ਮੇਲਾ ਆਰੰਭ ਹੋ ਗਿਆ। ਯੂਨੀਵਰਸਿਟੀ ਦੇ ਪੰਜ ਸਥਾਨਾਂ ਤੇ ਇਸ ਯੁਵਕ ਮੇਲੇ ਦੇ ਵੱਖ-ਵੱਖ ਵੰਨਗੀਆਂ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ ।ਪੀਏਯੂ ਦੇ ਡਾ ਮਨਮੋਹਨ ਸਿੰਘ ਆਡੀਟੋਰੀਅਮ ਵਿੱਚ ਹੋਏ ਉਦਘਾਟਨੀ ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਪੰਜਾਬ ਦੇ ਕੈਬਨਟ ਮੰਤਰੀ ਸ੍ਰੀ ਤਰਨਪ੍ਰੀਤ ਸਿੰਘ ਸੌਂਧ ਸ਼ਾਮਿਲ ਹੋਏ। ਉਨਾਂ ਨਾਲ ਯੁਵਕ ਸੇਵਾਵਾਂ ਵਿਭਾਗ ਦੇ ਡਿਪਟੀ ਨਿਰਦੇਸ਼ਕ ਸ ਕੁਲਵਿੰਦਰ ਸਿੰਘ ,ਪੀਏਯੂ ਦੇ ਰਜਿਸਟਰਾਰ ਡਾ ਰਿਸ਼ੀਪਾਲ ਸਿੰਘ ਆਈ ਏ ਐਸ, ਪੀਏਯੂ ਦੇ ਨਿਰਦੇਸ਼ਕ ਖੋਜ ਡਾ ਅਜਮੇਰ ਸਿੰਘ ਢੱਟ, ਡੀਨ ਪੋਸਟ ਗ੍ਰੈਜੂਏਟ ਸਟਡੀਜ ਡਾ ਮਾਨਵਿੰਦਰਾ ਸਿੰਘ ਗਿੱਲ, ਅਪਰ ਨਿਰਦੇਸ਼ਕ ਸੰਚਾਰ ਡਾ ਤੇਜਿੰਦਰ ਸਿੰਘ ਰਿਆੜ ਅਤੇ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ ਨਿਰਮਲ ਜੌੜਾ ਸਮੇਤ ਪੀਏਯੂ ਦੇ ਡੀਨ, ਡਾਇਰੈਕਟਰ ਵੱਖ-ਵੱਖ ਵਿਭਾਗਾਂ ਦੇ ਮੁਖੀ, ਅਧਿਆਪਕ, ਵਿਦਿਆਰਥੀ, ਬਾਹਰੀ ਯੂਨੀਵਰਸਿਟੀਆਂ ਤੋਂ ਆਏ ਪ੍ਰਤਿਯੋਗੀ ਅਤੇ ਉਨਾਂ ਦੇ ਨਿਗਰਾਨ ਅਧਿਆਪਕ ਭਾਰੀ ਗਿਣਤੀ ਵਿੱਚ ਮੌਜੂਦ ਸਨ।
ਪੰਜਾਬ ਦੇ ਕੈਬਨਟ ਮੰਤਰੀ ਸ੍ਰੀ ਤਰਨਪ੍ਰੀਤ ਸਿੰਘ ਸੌਂਧ ਨੇ ਇਸ ਮੌਕੇ ਆਪਣੇ ਵਿਸ਼ੇਸ਼ ਭਾਸ਼ਣ ਵਿੱਚ ਕਿਹਾ ਕਿ ਪੀਏਯੂ ਵਿੱਚ ਇਸ ਯੁਵਕ ਮੇਲੇ ਦਾ ਆਯੋਜਨ ਇੱਕ ਸ਼ੁਭ ਸ਼ਗਨ ਸਮਝਿਆ ਜਾਣਾ ਚਾਹੀਦਾ ਹੈ। ਇਹ ਪੰਜਾਬ ਦੀ ਸੱਭਿਆਚਾਰਕ ਵਿਰਾਸਤ ਨੂੰ ਸੰਭਾਲਣ ਵਾਲੀ ਸੰਸਥਾ ਹੈ। ਉਹਨਾਂ ਪੰਜਾਬ ਦੇ ਅਮੀਰ ਸੱਭਿਆਚਾਰ ਤੇ ਇਸਦੀ ਵਿਲੱਖਣਤਾ ਬਾਰੇ ਗੱਲ ਕਰਦਿਆਂ ਇਸ ਨੂੰ ਦੇਸ਼ ਭਰ ਦੀ ਸੱਭਿਆਚਾਰਕ ਵਿਰਾਸਤ ਦਾ ਪੰਘੂੜਾ ਕਿਹਾ। ਉਨਾਂ ਕਿਹਾ ਕਿ ਪੰਜਾਬੀਅਤ ਨੂੰ ਮਹਿਸੂਸ ਕੀਤਾ ਜਾ ਸਕਦਾ ਹੈ, ਇਸ ਬਾਰੇ ਕੋਈ ਨਿਰਣਾ ਨਹੀਂ ਕੀਤਾ ਜਾ ਸਕਦਾ। ਸੈਰ ਸਪਾਟਾ ਮੰਤਰਾਲੇ ਵੱਲੋਂ ਸਹਿਯੋਗ ਦਾ ਭਰੋਸਾ ਦਿੰਦਿਆਂ ਸ੍ਰੀ ਤਰਨਪ੍ਰੀਤ ਸਿੰਘ ਸੌਧ ਨੇ ਕਿਹਾ ਕਿ ਪੰਜਾਬ ਵਿੱਚ ਧਾਰਮਿਕ ਅਤੇ ਸੱਭਿਆਚਾਰਕ ਸੈਰ ਸਪਾਟੇ ਨੂੰ ਵਧਾਵਾ ਦੇਣ ਲਈ ਇਹ ਮੰਤਰਾਲਾ ਨਿਰੰਤਰ ਯਤਨਸ਼ੀਲ ਹੈ। ਇਹ ਯੁਵਕ ਮੇਲਾ ਇਸ ਦਿਸ਼ਾ ਵਿੱਚ ਬੇਹਦ ਅਹਿਮ ਆਯੋਜਨ ਸਮਝਿਆ ਜਾਣਾ ਚਾਹੀਦਾ ਹੈ। ਸ੍ਰੀ ਸੌਂਧ ਨੇ ਪੀਏਯੂ ਦੀ ਖੇਤੀਬਾੜੀ ਦੇ ਖੇਤਰ ਵਿੱਚ ਦੇਣ ਬਾਰੇ ਬੜੇ ਭਾਵਪੂਰਤ ਸ਼ਬਦ ਕਹੇ। ਉਹਨਾਂ ਕਿਹਾ ਕਿ ਪੀਏਯੂ ਮਾਹਰਾਂ ਨੇ ਨਿਰੰਤਰ ਮਿਹਨਤ ਅਤੇ ਪੰਜਾਬ ਦੇ ਕਿਸਾਨਾਂ ਦੇ ਸਹਿਯੋਗ ਨਾਲ ਨਾ ਸਿਰਫ ਸੂਬੇ, ਬਲਕਿ ਪੂਰੇ ਦੇਸ਼ ਦੇ ਅੰਨ ਭੰਡਾਰ ਭਰਪੂਰ ਕੀਤੇ ਹਨ । ਇਸ ਮੌਕੇ ਮਾਨਯੋਗ ਮੰਤਰੀ ਨੇ ਪੰਜਾਬ ਦੀ ਨੌਜਵਾਨੀ ਦੀ ਬਿਹਤਰੀ ਲਈ ਸਮੁੱਚੀਆਂ ਧਿਰਾਂ ਨੂੰ ਸਿਰ ਜੋੜ ਕੇ ਵਿਚਾਰ ਅਤੇ ਕੋਸ਼ਿਸ਼ਾਂ ਕਰਨ ਦੀ ਅਪੀਲ ਕੀਤੀ। ਉਹਨਾਂ ਪੀਏਯੂ ਵਿੱਚ ਹੋ ਰਹੇ ਇਸ ਰੰਗਲੇ ਸਮਾਗਮ ਦੀ ਸਫਲਤਾ ਲਈ ਆਪਣੀਆਂ ਸ਼ੁਭਕਾਮਨਾਵਾਂ ਵੀ ਦਿੱਤੀਆਂ।
ਯੁਵਕ ਸੇਵਾਵਾਂ ਵਿਭਾਗ ਦੇ ਉਪ ਨਿਰਦੇਸ਼ਕ ਸ ਕੁਲਵਿੰਦਰ ਸਿੰਘ ਨੇ ਇਸ ਮੌਕੇ ਵਿਭਾਗ ਦੀਆਂ ਗਤੀਵਿਧੀਆਂ ਤੋਂ ਹਾਜ਼ਰ ਲੋਕਾਂ ਨੂੰ ਜਾਣੂ ਕਰਵਾਇਆ। ਉਨਾਂ ਕਿਹਾ ਕਿ ਇਸ ਯੁਵਕ ਮੇਲੇ ਨੂੰ ਪਿਛਲੇ ਸਾਲਾਂ ਵਿੱਚ ਪੰਜਾਬ ਦੀਆਂ ਵੱਖ ਵਖ ਯੂਨੀਵਰਸਿਟੀਆਂ ਵਿੱਚ ਆਯੋਜਿਤ ਕੀਤਾ ਗਿਆ ਹੈ, ਪਰ ਪੀਏਯੂ ਵਿੱਚ ਇਸ ਦਾ ਆਯੋਜਨ ਬਹੁਤ ਵਿਲੱਖਣ ਅਤੇ ਅਨੰਦਮਈ ਅਹਿਸਾਸ ਵਾਲਾ ਹੈ। ਯੁਵਕ ਮੇਲੇ ਨੂੰ ਕਰਵਾਉਣ ਦੇ ਉਦੇਸ਼ ਬਾਰੇ ਗੱਲ ਕਰਦਿਆਂ ਉਪ ਨਿਰਦੇਸ਼ਕ ਨੇ ਕਿਹਾ ਕਿ ਨੌਜਵਾਨਾਂ ਅੰਦਰ ਲੁਕੀ ਹੋਈ ਪ੍ਰਤਿਭਾ ਅਤੇ ਕਲਾਵਾਂ ਨੂੰ ਮੰਚ ਮੁਹਈਆ ਕਰਾ ਕੇ ਉਨਾਂ ਨੂੰ ਸਮਾਜ ਵਿੱਚ ਜਿਉਣ ਦੇ ਬੇਹਤਰ ਵਸੀਲੇ ਮੁਹਈਆ ਕਰਵਾਉਣਾ ਇਸ ਯੁਵਕ ਮੇਲੇ ਦਾ ਮੰਤਵ ਹੈ।
ਨਿਰਦੇਸ਼ਕ ਵਿਦਿਆਰਥੀ ਭਲਾਈ ਡਾ ਨਿਰਮਲ ਜੌੜਾ ਨੇ ਉਦਘਾਟਨੀ ਸਮਾਰੋਹ ਵਿੱਚ ਸਵਾਗਤ ਦੇ ਸ਼ਬਦ ਕਹੇ। ਡਾ ਜੌੜਾ ਨੇ ਇਸ ਯੁਵਕ ਮੇਲੇ ਨੂੰ ਪੀਏਯੂ ਵਿੱਚ ਆਯੋਜਿਤ ਕਰਨ ਲਈ ਯੁਵਕ ਸੇਵਾਵਾਂ ਵਿਭਾਗ ਦਾ ਧੰਨਵਾਦ ਵੀ ਕੀਤਾ। ਉਹਨਾਂ ਕਿਹਾ ਕਿ ਪੀਏਯੂ ਖੇਤੀ ਖੋਜ, ਪਸਾਰ ਅਤੇ ਅਧਿਆਪਨ ਨਾਲ ਜੁੜੀ ਹੋਈ ਸੰਸਾਰ ਪ੍ਰਸਿੱਧ ਸੰਸਥਾ ਹੈ। ਪਰ ਇਹ ਪੱਖ ਵੀ ਜ਼ਿਕਰਯੋਗ ਹੈ ਕਿ ਪਹਿਲੇ ਵਾਈਸ ਚਾਂਸਲਰ ਡਾ ਥਾਪਰ ਤੋਂ ਲੈ ਕੇ ਮੌਜੂਦਾ ਵਾਈਸ ਚਾਂਸਲਰ ਡਾ ਗੋਸਲ ਤੱਕ ਇਸ ਸੰਸਥਾ ਨੇ ਸਾਹਿਤ ਸੱਭਿਆਚਾਰ ਅਤੇ ਭਾਸ਼ਾ ਦੀ ਰਹਿਨੁਮਾਈ ਅਤੇ ਸੰਭਾਲ ਦੇ ਖੇਤਰ ਵਿੱਚ ਵਿਲੱਖਣ ਕਾਰਜ ਕੀਤਾ ਹੈ। ਡਾ ਜੌੜਾ ਨੇ ਪੀਏਯੂ ਦੇ ਸਾਬਕਾ ਵਾਈਸ ਚਾਂਸਲਰ ਡਾ ਮਹਿੰਦਰ ਸਿੰਘ ਰੰਧਾਵਾ ਨੂੰ ਵਿਸ਼ੇਸ਼ ਤੌਰ ਤੇ ਯਾਦ ਕਰਦਿਆਂ ਉਹਨਾਂ ਵੱਲੋਂ ਉਸਾਰੇ ਪੇਂਡੂ ਜੀਵਨ ਦੇ ਅਜਾਇਬ ਘਰ ਦੀ ਗੱਲ ਕੀਤੀ। ਇਸ ਦੇ ਨਾਲ ਹੀ ਡਾ ਜੌੜਾ ਨੇ ਇਸ ਯੁਵਕ ਮੇਲੇ ਦੇ ਚਾਰ ਦਿਨਾਂ ਦੀ ਰੂਪ ਰੇਖਾ ਬਾਰੇ ਵੀ ਚਾਨਣਾ ਪਾਇਆ।
ਪੀਏਯੂ ਦੀ ਵਿਦਿਆਰਥਣ ਕੁਮਾਰੀ ਜਸਨੂਰ ਨੇ ਇਸ ਮੌਕੇ ਸੱਭਿਆਚਾਰਕ ਪੇਸ਼ਕਾਰੀ ਨਾਲ ਹਾਜ਼ਰ ਲੋਕਾਂ ਦਾ ਮਨ ਮੋਹ ਲਿਆ।
ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੈਨ ਅਤੇ ਪੰਜਾਬੀ ਦੇ ਪ੍ਰਸਿੱਧ ਕਵੀ ਸ੍ਰੀ ਸਵਰਨਜੀਤ ਸਵੀ ਨੂੰ ਇਸ ਮੌਕੇ ਪ੍ਰਸ਼ੰਸਾ ਪੱਤਰ ਅਤੇ ਸਾਲ ਦੇ ਕੇ ਸਨਮਾਨਿਤ ਕੀਤਾ ਗਿਆ।
ਯੂਨੀਵਰਸਿਟੀ ਵੱਲੋਂ ਪੰਜਾਬ ਦੇ ਕੈਬਨਟ ਮੰਤਰੀ ਸ਼੍ਰੀ ਤਰਨਪ੍ਰੀਤ ਸਿੰਘ ਸੌਂਧ ਨੂੰ ਵੀ ਯਾਦ ਚਿੰਨ੍ਹ ਨਾਲ ਨਿਵਾਜ਼ਿਆ ਗਿਆ।
ਅੱਜ ਇਸ ਯੁਵਕ ਮੇਲੇ ਦੇ ਪਹਿਲੇ ਦਿਨ ਡਾ ਏ ਐਸ ਖਹਿਰਾ ਓਪਨ ਏਅਰ ਥੀਏਟਰ ਵਿੱਚ ਭੰਗੜੇ ਦੇ ਮੁਕਾਬਲੇ ਹੋਏ ।ਡਾ ਮਨਮੋਹਨ ਸਿੰਘ ਆਡੀਟੋਰੀਅਮ ਵਿੱਚ ਸਮੂਹ ਸ਼ਬਦ, ਗਜ਼ਲ, ਲੋਕ ਗੀਤ ਅਤੇ ਸਮੂਹ ਗੀਤ ਦੇ ਮੁਕਾਬਲੇ ਕਰਵਾਏ ਗਏ। ਵਿਦਿਆਰਥੀ ਭਵਨ ਦੇ ਮੰਚ ਉੱਪਰ ਕੋਮਲ ਕਲਾਵਾਂ ਦੇ ਮੁਕਾਬਲੇ ਹੋਏ ਜਿਨਾਂ ਵਿੱਚ ਕਢਾਈ ,ਕਢਾਈ ਫੁਲਕਾਰੀ, ਨਾਲਾ ਬੁਣਨਾ, ਪੀੜੀ ਬੁਣਨਾ ,ਕਰੋਸ਼ੀਆ, ਪਰਾਂਦਾ ਬਣਾਉਣਾ ,ਗੁੱਡੀਆਂ ਪਟੋਲੇ ਬਣਾਉਣਾ, ਛਿੱਕੂ ਬਣਾਉਣ, ਪੱਖੀ ਬੁਣਨਾ, ਇਨੂੰ ਬਣਾਉਣਾ ਅਤੇ ਟੋਕਰੀ ਬਣਾਉਣਾ ਪ੍ਰਮੁੱਖ ਹਨ। ਪੰਜਾਬ ਦੀਆਂ 20 ਦੇ ਕਰੀਬ ਯੂਨੀਵਰਸਿਟੀਆਂ ਤੋਂ ਆਏ 2000 ਤੋਂ ਵਧੇਰੇ ਵਿਦਿਆਰਥੀਆਂ ਨੇ ਆਉਣ ਵਾਲੇ ਚਾਰ ਦਿਨ ਪੀਏਯੂ ਵਿੱਚ ਸੰਗੀਤ, ਲੋਕ ਨਾਚ, ਕੋਮਲ ਕਲਾਵਾਂ ਅਤੇ ਸਾਹਿਤਕ ਵੰਨਗੀਆਂ ਦੇ ਮੁਕਾਬਲੇ ਵਿੱਚ ਆਪਣੀ ਕਲਾ ਦਾ ਪ੍ਰਦਰਸ਼ਨ ਕਰਨਾ ਹੈ।